ਸਾਂਝੀਵਾਲਤਾ ਦੀ ਤਹਿਰੀਰ

“ਸਾਂਝੀਵਾਲਤਾ ਦੀ ਤਹਿਰੀਰ”
ਡਾ. ਗੁਰਵਿੰਦਰ ਸਿੰਘ
ਕੌਮਾਂਤਰੀ ਪੱਧਰ ‘ਤੇ ਕਰੋਨਾ ਵਾਇਰਸ, ਜਿਸ ਨੂੰ ਵਿਸ਼ਵ ਸਿਹਤ ਸੰਸਥਾ ਵਜੋਂ ਕੋਵਿਡ -19 ਕਹਿਣਾ ਉਚਿਆ ਦੱਸਿਆ ਗਿਆ ਅਤੇ ਇਸ ਬਿਮਾਰੀ ਦੀ ਆੜ ‘ਚ ਕਿਸੇ ਵੀ ਦੇਸ਼ ਕੌਮ ਅਤੇ ਰੰਗ ਨਸਲ ਦੇ ਲੋਕਾਂ ਨਾਲ ਵਿਤਕਰਾ ਨਾ ਕਰਨ ਦੀ ਤਾੜਨਾ ਵੀ ਕੀਤੀ ਗਈ, ਦਾ ਮੁੱਦਾ ਹੁਣ ਹਰ ਜਗ੍ਹਾ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ। ਕੈਨੇਡਾ ਵਿੱਚ ਜਿਥੇ ਕੋਵਿਡ – 19 ਦੇ ਖਤਰਨਾਕ ਪ੍ਰਭਾਵ ਲਗਾਤਾਰ ਵਧੇ, ਉਥੇ ਬ੍ਰਿਟਿਸ਼ ਕੋਲੰਬੀਆ ਸਮੇਤ ਕਈ ਸੂਬਿਆਂ ਨੇ ਐਮਰਜੈਂਸੀ ਦਾ ਐਲਾਨ ਕੀਤਾ। ਲੋਕ ਵਾਇਰਸ ਦੇ ਡਰੋਂ ਅਤੇ ਹਾਲਾਤ ਹੋਰ ਵਿਗੜਨ ਦੇ ਫਿਕਰ ‘ਚ ਗੁੰਮਰਾਹ ਵੀ ਹੋਏ, ਜਿਵੇਂ ਕਿ ਕੁਝ ਘਬਰਾਏ ਲੋਕਾਂ ਵੱਲੋਂ ਸਟੋਰਾਂ ਤੋਂ ਭਾਰੀ ਰਾਸ਼ਨ ਲਿਆ ਕੇ ਘਰੀਂ ਜਮ੍ਹਾਂ ਕਰਨਾ, ਜਦਕਿ ਹੋਰਨਾਂ ਲਈ ਭੋਜਨ ਪਦਾਰਥਾਂ ਦੀ ਘਾਟ ਕਾਰਨ ਤੰਗੀ ਹੋਣੀ । ਕੁਝ ਲਾਲਚੀ ਲੋਕਾਂ ਨੇ ਸਟੋਰਾਂ ‘ਤੇ ਸਮਾਨ ਮਹਿੰਗਾ ਵੇਚ ਕੇ ਬਦਨਾਮੀ ਵੀ ਖੱਟੀ, ਜਦਕਿ ਇਹ ਗੈਰ-ਕਾਨੂੰਨੀ ਵਰਤਾਰਾ ਹੈ। ਅੰਨ੍ਹੇਵਾਹ ਸਮਾਨ ਸੰਚਿਤ ਕਰਨ ਦੀਆਂ ਕੁਝ ਘਟਨਾਵਾਂ ਨੂੰ ਸੋਸ਼ਲ ਮੀਡੀਆ ਵਿੱਚ ਏਨਾ ਫੈਲਾ ਦਿੱਤਾ ਗਿਆ ਕਿ ਹਰ ਕੋਈ ਆਪਣੇ ਆਪ ‘ਚ ਸ਼ਰਮਸਾਰ ਮਹਿਸੂਸ ਕਰਨ ਲੱਗ ਪਿਆ।
ਦੂਸਰੇ ਪਾਸੇ ਕੈਨੇਡਾ ਦੀਆਂ ਮਾਨਵਵਾਦੀ ਸੰਸਥਾਵਾਂ ਨੇ ਅਜਿਹੇ ਸੰਕਟਮਈ ਸਮੇਂ ਮਨੁੱਖਤਾ ਦੀ ਸੇਵਾ ਦਾ ਰਾਹ ਅਪਨਾਇਆ, ਉਸ ਚੰਗੇ ਪੱਖ ਨੂੰ ਬਹੁਤ ਘੱਟ ਪ੍ਰਚਾਰਿਆ ਗਿਆ ਹੈ। ਗੱਲ ਸਰੀ ਤੋਂ ਸ਼ੁਰੂ ਕਰਦੇ ਹਾਂ ਜਿਥੇ ਬ੍ਰਿਟਿਸ਼ ਕੋਲੰਬੀਆਂ ਸਿੱਖਜ਼ ਅਤੇ ਸੈਫ (ਸਿੱਖ ਅਵੇਅਰਨੈੱਸ ਫਾਊਂਡੇਸ਼ਨ) ਇੰਟਰਨੈਸ਼ਨਲ ਵੱਲੋਂ ‘ਨੋ ਹੰਗਰੀ ਟਮੀ ‘ ਭਾਵ ਕੋਈ ਪੇਟ ਭੁਖਾ ਨਹੀਂ ਰਹੇਗਾ, ਮੁਹਿੰਮ ਚਲਾਈ ਗਈ, ਜਿਸ ਰਾਹੀ ਕੈਨੇਡਾ ਦੇ ਸਿਹਤ ਨਿਯਮਾਂ ਦਾ ਖਿਆਲ ਰੱਖਦੇ ਹੋਏ, ਲੋੜਵੰਦ ਲੋਕਾਂ ਨੂੰ ਭੋਜਨ ਪਦਾਰਥ ਪਹੁੰਚਾਇਆ ਗਿਆ। ਲੋਅਰ- ਮੇਨਲੈਂਡ ਦੇ ਵੱਖ- ਵੱਖ ਸ਼ਹਿਰਾਂ ‘ਚ ਘਰੋਂ – ਘਰੀ ਜਾ ਕੇ ਸੇਵਾ ਕਰਨ ਵਾਲੇ ਇਹ ਵਲੰਟੀਅਰ, ਬਗੈਰ ਕਿਸੇ ਭਿੰਨ – ਭੇਦ ਦੇ, ਹਰੇਕ ਰੰਗ – ਨਸਲ ਤੇ ਫਿਰਕੇ ਨਾਲ ਸਬੰਧਤ ਪਰਿਵਾਰਾਂ ਦੀ ਸੇਵਾ ਕਰਦੇ ਰਹੇ ਹਨ। ਉਂਞ ਇਹ ਸੰਸਥਾਵਾਂ ਲੰਮੇ ਅਰਸੇ ਤੋਂ , ਕੈਨੇਡਾ ਤੋਂ ਇਲਾਵਾ ਭਾਰਤ ‘ਚ ਵੀ ਬੱਚਿਆਂ ਲਈ ਵੱਖ-ਵੱਖ ਸੇਵਾਵਾਂ ਨਿਭਾ ਰਹੀਆਂ ਹਨ। ਕੋਵਿਡ-19 ਦੇ ਔਖੇ ਵੇਲੇ ਕੈਨੇਡਾ ਵਸਦੇ ਭਾਈਚਾਰੇ ਲਈ ਸਤਿਕਾਰ ਦੇ ਪਾਤਰ ਬਣਨ ਵਾਲੇ ਅਜਿਹੇ ਸੇਵਾਦਾਰਾਂ ਦੀ ਗਿਣਤੀ ਬਹੁਤ ਵੱਡੀ ਹੈ। ਇਨ੍ਹਾਂ ਵਿੱਚ ਰੈਸਟੋਰੈਂਟ ਵੱਲੋਂ ‘ਫ੍ਰੀ ਟਿਫਨ’ ਦੇ ਨਾਂ ਹੇਠ ਲੋੜਵੰਦ ਪਰਿਵਾਰਾਂ, ਖਾਸ ਕਰਕੇ ਕੈਨੇਡਾ ‘ਚ ਪੜ੍ਹਨ ਆਏ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਸੇਵਾ ਚਲਾਈ ਗਈ , ਜਿਥੇ ਖਾਲੀ ਟਿਫ਼ਨ ਤਾਜ਼ਾ ਭੋਜਨ ਦੇ ਭਰ ਕੇ ਅਤੇ ਲੋੜ ਪੈਣ ‘ਤੇ ਘਰਾਂ ‘ਚ ਵੀ ਪਹੁੰਚਦੇ ਕਰਕੇ , ਇਹਨਾਂ ਸੇਵਾਦਾਰਂ ਨੇ ਸਮੁੱਚੇ ਭਾਈਚਾਰੇ ਦਾ ਨਾਂ ਰੌਸ਼ਨ ਕੀਤਾ। ਇਉਂ ਹੀ ਕੈਨੇਡਾ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਵਿੱਚ ਵੀ ਸੈਂਕੜੇ ਹੀ ਅਜਿਹੇ ਨਿਸ਼ਕਾਮ ਸੇਵਾਦਾਰ ਸਰਗਰਮ ਰਹੇ ਹਨ, ਜਿਹਨਾਂ ਕੋਵਿਡ -19 ਦੇ ਸੰਕਟਮਈ ਹਾਲਾਤ ਵਿੱਚ ਇਤਿਹਾਸਕ ਭੂਮਿਕਾ ਨਿਭਾਈ।
ਕੈਨੇਡਾ ਭਰ ਦੀਆਂ ਗੁਰਦੁਆਰਾ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਵੀ ਲੋੜਵੰਦ ਲੋਕਾਂ ਨੂੰ ਸੇਵਾਵਾਂ ਦੇਣ ਦੇ ਉਪਰਾਲੇ ਸ਼ਲਾਘਾਯੋਗ ਰਹੇ ਹਨ। ਬ੍ਰਿਟਿਸ਼ ਕੋਲੰਬੀਆਂ ਗੁਰਦੁਆਰਾ ਕੌਂਸਲ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਗੁਰੂ ਦਾ ਲੰਗਰ ਜ਼ਰੂਰਤਮੰਦਾਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਪਹੁੰਚਦਾ ਕੀਤਾ ਜਾਵੇਗਾ। ਗੁਰਦੁਆਰਾ ਸਾਹਿਬਾਨ ਵਲੋਂ ਸਰਬੱਤ ਲਈ ਸਰਬ-ਪੱਖੀ ਸੇਵਾਵਾਂ ਦਿੱਤੀਆਂ ਗਈਆਂ, ਵਿਸ਼ੇਸ਼ ਕਰਕੇ ਇੰਟਰਨੈਸ਼ਨਲ ਵਿਦਿਆਰਥੀਆਂ ਦੀ ਮੁਸ਼ਕਿਲ ਦੀ ਘੜੀ ਬਾਂਹ ਫੜਨ ਲਈ, ਜਿਵੇਂ ਗੁਰਦੁਆਰਾ ਸੰਸਥਾਵਾਂ ਨੇ ਭੂਮਿਕਾ ਨਿਭਾਈ, ਉਹ ਬਿਆਨ ਕਰਨਾ, ਕਹਿਣ ਤੋਂ ਬਾਹਰ ਹੈ। ਲੋੜਵੰਦ ਵਿਦਿਆਰਥੀਆਂ ਲਈ ਰੋਟੀ- ਕੱਪੜਾ ਕਈ ਮਹੀਨਿਆਂ ਤੱਕ ਮੁਹੱਈਆ ਕਰਨਾ ਅਤੇ ਮਾਲੀ ਮਦਦ ਵੀ ਕਰਨਾ, ਉਨ੍ਹਾਂ ਉਪਰਾਲਿਆਂ ਵਿਚੋਂ ਕੁਝ ਹਨ, ਜਿਹੜੇ ਕੈਨੇਡਾ ਦੇ ਕਈ ਸ਼ਹਿਰਾਂ ‘ਚ ਜ਼ੋਰਾਂ ‘ਤੇ ਰਹੇ ਹਨ।
ਕੌਮਾਂਤਰੀ ਪੱਧਰ ਤੇ ‘ਖਾਲਸਾ ਏਡ’ ਸੰਸਥਾਂ ਨੇ ਜਿਥੇ ਹੱਦਾਂ ਸਰਹੱਦਾਂ ਤੋਂ ਪਾਰ, ਵੱਖ-ਵੱਖ ਦੇਸ਼ਾਂ ‘ਚ ਹਰ ਮੁਸ਼ਕਿਲ ਘੜੀ ‘ਚ ਮੋਹਰੀ ਭੂਮਿਕਾ ਨਿਭਾਈ ਹੈ ਤੇ ਅੱਜ ਵੀ ਨਿਭਾ ਰਹੇ ਹਨ, ਉਸੇ ਸਥਾਨਕ ਪੱਧਰ ਤੇ ਵੀ ਕੋਵਿਡ-19 ਦੇ ਸੰਕਟਮਈ ਹਾਲਾਤ ਵਿੱਚ ਵੰਡ ਛਕਣ ਦੇ ਸਿਧਾਂਤ ‘ਤੇ ਪਹਿਰਾ ਦੇ ਰਹੇ ਹਨ।’ਯੂਨਾਈਟਡ ਸਿੱਖਸ’ ਵਲੋਂ ਅਮਰੀਕਾ ‘ਚ ਥਾਂ- ਥਾਂ ਤੇ ਜਾ ਕੇ, ਲੋੜਵੰਦਾਂ ਦੀ ਮਦਦ ਕਰਕੇ ਮਨੁੱਖੀ ਸੇਵਾ ਦਾ ਕਾਰਜ ਨਿਭਾਇਆ ਗਿਆ ਹੈ। ਇਉਂ ਹੀ ਯੂਰਪ ਸਮੇਤ ਵੱਖ- ਵੱਖ ਮੁਲਕਾਂ ‘ਚ ਵੀ ਨਿਸ਼ਕਾਮ ਸਿੱਖ, ਭਾਈ ਘਨਈਆ ਜੀ ਦੇ ਅਸੂਲਾਂ ‘ਤੇ ਪਹਿਰਾ ਦਿੰਦਿਆਂ’ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ, ਕੋਵਿਡ ਸੰਕਟ ਸਮੇਂ ਅੱਗੇ ਆਏ, ਜੋ ਕਿ ਸੰਸਾਰ ਲਈ ਪ੍ਰੇਰਨਾਸਰੋਤ ਬਣੇ ।
ਇਉਂ ਕੋਵਿਡ-19 ਦਾ ਸੰਕਟ ਵੀ ਮਾਨਵਵਾਦੀ ਸੋਚ ਨੂੰ ਚੜ੍ਹਦੀ ਕਲਾ ਦੀ ਲੀਹ ‘ਤੇ ਪਾਉਣ ਦਾ ਆਧਾਰ ਬਣ ਰਿਹਾ ਹੈ। ਚਾਹੇ ਮਹਾਂ ਸ਼ਕਤੀਆਂ ਵੱਲੋਂ ਕੋਵਿਡ -19 ਜੈਵਿਕ ਜੰਗ ਦੀ ਮਸ਼ਕ ਹੋਵੇ, ਚਾਹੇ ਫਾਸ਼ੀਵਾਦੀ ਤਾਕਤਾਂ ਵੱਲੋਂ ਜਨਤਾ ਦਾ ਧਿਆਨ, ਉਨ੍ਹਾਂ ਦੀਆਂ ਅਸਫ਼ਲਤਾਵਾਂ ਅਤੇ ਲੋਕ-ਮਾਰੂ ਨੀਤੀਆਂ ਤੋਂ ਹਟਾਉਣ ਦੀ ਸਾਜ਼ਿਸ਼ ਚੱਲ ਰਹੀ ਹੋਵੇ, ਚਾਹੇ ਆਰਥਿਕ ਮੰਦਵਾੜੇ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਵੀ ਇਸ ਦਾ ਸਹਾਰਾ ਲਿਆ ਦਾ ਰਿਹਾ ਹੈ, ਕੁਝ ਵੀ ਹੋਏ, ਪਰ ਇਸ ਸਮੇਂ ਕੌਮਾਂਤਰੀ ਪਧਰ ‘ਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ,ਇਕ ਵਾਰ ਫਿਰ ਸਮੂਹ ਮਾਨਵ-ਜਾਤੀ ਦੀ ਸੇਵਾਦਾਰ ਬਣ ਕੇ ਉਭਰੀ ਹੈ।

Get in Touch with Us Today

Have a question or need a quote? Fill out the form below, and our team will get back to you promptly!