ਅੰਨਦਾਤਾ ਨਾਲ ਵੈਰ
ਫਾਸ਼ੀਵਾਦੀ ਜੋ ਸਰਕਾਰਾਂ।
ਲੋਕ ਵਿਰੋਧੀ ਕਰਦੀਆਂ ਕਾਰਾਂ।
ਅੱਕੀ ਜਨਤਾ ਪਾਵੇ ਸ਼ੋਰ ।
ਠੱਗਾਂ ਚੋਰਾਂ ਹੱਥੀਂ ਡੋਰ।
ਭਾਰਤ ਦੀ ਮੋਦੀ ਸਰਕਾਰ।
ਉਸ ਦਾ ਹੈ ਫਾਸ਼ੀ ਕਿਰਦਾਰ।
ਹੁੰਦੇ ਦੇਸ਼ ਦੀ ਸ਼ਾਨ ਕਿਸਾਨ ।
ਉਨ੍ਹਾਂ ਨੂੰ ਕਰ ਰਹੀ ਵਿਰਾਨ ।
ਅੰਨਦਾਤਾ ਨਾਲ ਵੈਰ ਕਮਾਏ।
ਕਾਲੇ ਤਿੰਨ ਕਾਨੂੰਨ ਬਣਾਏ।
ਕਾਸ਼ਤਕਾਰਾਂ ਦਾ ਗਲ ਘੁੱਟੇ ।
ਆਪਣੀ ਜੜ੍ਹ ਆਪੇ ਹੀ ਪੁੱਟੇ।
ਲੋਕਾਂ ਨੇ ਜੋ ਤਖ਼ਤ ਬਿਠਾਏ।
ਓਹੀ ਚੱਕੀ ਚੱਟਣ ਆਏ ।
ਹਾਕਮ ਬਣ ਬੈਠੇ ਬਘਿਆੜ।
ਵਾੜ ਖੇਤ ਨੂੰ ਰਹੀ ਉਜਾੜ।
ਆਖ਼ਰ ਨੂੰ ਅੱਕੇ ਕਿਰਸਾਨ।
ਆ ਨਿੱਤਰੇ ਨੇ ਰੜੇ ਮੈਦਾਨ।
ਕਹਿੰਦੇ ਘਾਲ ਪਵੇਗੀ ਪੱਲੇ ।
ਧਾਰ ਇਰਾਦੇ ਦਿੱਲੀ ਚੱਲੇ ।
ਖੱਟੜ ਲਾਇਆ ਜ਼ੋਰ ਬਥੇਰਾ।
ਪਰ ‘ਪੰਜਾਬ’ ਨਾ ਛੱਡਿਆ ਜੇਰਾ।
ਜਾ ਪਾਇਆ ‘ਦਿੱਲੀ’ ਨੂੰ ਘੇਰਾ ।
ਜਿੱਤੇ ਬਿਨਾਂ ਨਾ ਚੁੱਕਣਾ ਡੇਰਾ।
ਰੱਦ ਕਰਾਉਣੇ ਤਿੰਨ ਕਨੂੰਨ।
ਲੱਖਾਂ ਮਨਾਂ ਦੇ ਵਿੱਚ ਜਨੂੰਨ ।
ਏਕਾ ਕਰ ਆਖਣ ਕਿਰਸਾਨ।
ਸੋਧਾਂਗੇ ਹਾਕਮ ਸ਼ੈਤਾਨ।
ਸਿਰੜੀ ਕਿਰਤੀ ਲੱਗੇ ਮੂਹਰੇ।
ਜਿੱਤਣਗੇ ਆਖ਼ਰ ਨੂੰ ਸੂਰੇ ।
ਹੋਵੇਗਾ ਕਿਰਸਾਨ ਅਬਾਦ ।
ਹਾਰ ਜਾਏਗਾ ਫਾਸ਼ੀਵਾਦ ।
ਹਰਪਾਲ ਸਿੰਘ ਦਾ ਹੈ ਵਿਸ਼ਵਾਸ।
ਕਿਰਤੀ ਕਾਰਜ ਹੋਣੇ ਰਾਸ।
ਦਾਤਾ ਸਾਡੀ ਸੁਣੂ ਪੁਕਾਰ ।
ਗੋਡੇ ਟੇਕੂਗੀ ਸਰਕਾਰ ।
(ਹਰਪਾਲ ਸਿੰਘ ਲੱਖਾ, ਐਬਟਸਫੋਰਡ)